News Details

research

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਚੈਕ ਭੇਂਟ

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਚੈਕ ਭੇਂਟ

ਫਾਊਂਡੇਸ਼ਨ ਨੇ ਵਿਦਿਆਰਥਣਾਂ ਦੀ ਸਹਾਇਤਾ ਲਈ 3, 2 ਅਤੇ 1 ਲੱਖ ਦਾ ਚੈਕ ਕੀਤਾ ਭੇਂਟ : ਛੀਨਾ 

ਅੰਮ੍ਰਿਤਸਰ, 6 ਜੂਨ  ( )¸ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵੱਲੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੋੜਵੰਦ ਅਤੇ ਹੋਣਹਾਰ ਵਿਦਿਆਰਥਣਾਂ ਦੀ ਸਹਾਇਤਾ ਲਈ ਕ੍ਰਮਵਾਰ 3, 2 ਅਤੇ 1 ਲੱਖ ਦਾ ਚੈਕ ਭੇਂਟ ਕੀਤਾ ਗਿਆ। ਇਹ ਚੈਕ ਸ: ਛੀਨਾ ਨੂੰ ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਐਜ਼ੂਕੇਸ਼ਨ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਗਰਲਜ਼ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਮੌਜ਼ੂਦਗੀ ’ਚ ਕੌਂਸਲ ਦੇ ਮੈਂਬਰ ਅਤੇ ਫ਼ਾਊਂਡੇਸ਼ਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਵੱਲੋਂ ਸੌਂਪਿਆ ਗਿਆ।

ਇਸ ਮੌਕੇ ਸ: ਛੀਨਾ ਨੇ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥਣਾਂ ਲਈ ਰਾਹਤ ਵਜੋਂ ਦਿੱਤੇ ਗਏ ਉਕਤ ਚੈਕ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਵੱਡੇ ਪੱਧਰ ’ਤੇ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਵੱਲੋਂ ਡਾ. ਹੁਸ਼ਿਆਰ ਨਗਰ ਦੁਆਰਾ ਉਕਤ ਦੋਹਾਂ ਕਾਲਜਾਂ ਅਤੇ ਸਕੂਲ ਦੀ ਕੁਲ ਬਣਦੀ ਰਕਮ 6 ਲੱਖ ਰੁਪਏ ਚੈਕਾਂ ਦੇ ਰੂਪ ਦਿੱਤੀ ਗਈ ਹੈ। ਉਨ੍ਹਾਂ ਯੂ. ਐਸ. ਏ. ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ, ਪ੍ਰਧਾਨ ਸ੍ਰੀਮਤੀ ਗੁਰਵਰਿੰਦਰ ਕੌਰ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ਾਊਂਡੇਸ਼ਨ ਦਾ ਲੋੜਵੰਦ ਬੱਚਿਆਂ ਦੀ ਭਲਾਈ ਲਈ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ।

ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ, ਪ੍ਰਿੰ: ਡਾ. ਕੁਮਾਰ ਅਤੇ ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਸਹਾਇਤਾ ਜਰੂਰਤਮੰਦ ਤੇ ਹੋਣਹਾਰ ਬੱਚੀਆਂ ਤੱਕ ਪਹੁੰਚੇਗੀ ਤੇ ਉਹ ਇਸ ਲਈ ਉਕਤ ਫ਼ਾਊਂਡੇਸ਼ਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਦੱਸਿਆ ਕਿ ਫ਼ਾਊਂਡੇਸ਼ਨ ਵੱਲੋਂ ਉਕਤ ਰਾਸ਼ੀ ਚੈਕ ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ ਰਾਹੀਂ ਭੇਜੇ ਗਏ ਹਨ ਜੋ ਕਿ ਸ: ਛੀਨਾ ਦੀ ਮੌਜ਼ੂਦਗੀ ’ਚ ਹਾਸਲ ਕੀਤੇ ਗਏ ਹਨ।

ਇਸ ਮੌਕੇ ਡਾ. ਹੁਸ਼ਿਆਰ ਨਗਰ ਨੇ ਕਿਹਾ ਕਿ ਉਕਤ ਫਾਊਂਡੇਸ਼ਨ ਪ੍ਰਬੰਧਕਾਂ ਦਾ ਇਹ ਮਕਸਦ ਸੀ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਅਤੇ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਯਤਨ ਕਰਨ। ਜਿਨ੍ਹਾਂ ਦੇ ਇਸੇ ਟੀਚੇ ਤਹਿਤ ਉਕਤ ਵਿੱਦਿਅਕ ਅਦਾਰਿਆਂ ਨੂੰ ਵਿਦਿਆਰਥੀਆਂ ਲਈ 6 ਲੱਖ ਦਾ ਚੈਕ ਭੇਟ ਕੀਤਾ ਗਿਆ ਹੈ। ਜਿਸ ’ਚ 3 ਲੱਖ ਦਾ ਚੈਕ ਵੂਮੈਨ ਕਾਲਜ, 2 ਲੱਖ ਐਜੂਕੇਸ਼ਨ ਅਤੇ 1 ਲੱਖ ਗਰਲਜ਼ ਸਕੂਲ ਦੇ ਉਕਤ ਪ੍ਰਿੰਸੀਪਲ ਨੂੰ ਸ: ਛੀਨਾ ਵੱਲੋਂ ਸੌਂਪਿਆ ਗਿਆ ਹੈ। 

ਕੈਪਸ਼ਨ: ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵੱਲੋਂ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਰਾਹੀਂ ਭੇਜੇ ਗਏ ਚੈਕ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਸੌਂਪਦੇ ਹੋਏ ।